Rajpura-Shambhu Blast: ਸੁਰੱਖਿਆ ਏਜੰਸੀਆਂ ਇਸਨੂੰ ਆਤੰਕੀ ਸਾਜ਼ਿਸ਼ ਦੇ ਪੱਖ ਤੋਂ ਵੀ ਦੇਖ ਰਹੀਆਂ ਹਨ। ਸਥਾਨਕ ਪੁਲਸ ਦੇ ਨਾਲ-ਨਾਲ ਰੇਲਵੇ ਦੀ ਕ੍ਰਾਈਮ ਬ੍ਰਾਂਚ ਅਤੇ ਖੁਫੀਆ ਏਜੰਸੀਆਂ ਜਾਂਚ ਵਿਚ ਜੁੱਟੀਆਂ ਹੋਈਆਂ ਹਨ। ਸੂਤਰਾਂ ਮੁਤਾਬਕ ਜਲਦੀ ਹੀ ਐਨਆਈਏ ਦੀ ਟੀਮ ਵੀ ਘਟਨਾ ਸਥਲ ਦਾ ਦੌਰਾ ਕਰ ਸਕਦੀ ਹੈ।

ਪਟਿਆਲਾ ਦੇ ਰਾਜਪੁਰਾ ਵਿਚ ਅੰਬਾਲਾ-ਅੰਮ੍ਰਿਤਸਰ ਰੇਲ ਫ੍ਰੇਟ ਕੋਰੀਡੋਰ ਲਾਈਨ ‘ਤੇ ਸੋਮਵਾਰ ਰਾਤ ਆਈਈਡੀ ਬਲਾਸਟ ਹੋਇਆ। ਇਹ ਘਟਨਾ ਰਾਜਪੁਰਾ-ਸ਼ੰਭੂ ਰੇਲਵੇ ਸਟੇਸ਼ਨ ਦੇ ਨੇੜੇ ਵਾਪਰੀ, ਜਿਸ ਨਾਲ ਪਟੜੀ ਨੁਕਸਾਨੀ ਗਈ। ਮੌਕੇ ‘ਤੇ ਪੁਲਸ ਨੂੰ ਇੱਕ ਲਾਸ਼ ਮਿਲੀ, ਜਿਸ ਦੇ ਸਰੀਰ ਦੇ ਚਿੱਥੜੇ ਉੱਡੇ ਹੋਏ ਸਨ।

ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹੀ ਵਿਅਕਤੀ ਰੇਲਵੇ ਟਰੈਕ ‘ਤੇ ਬੰਬ ਫਿਟ ਕਰ ਰਿਹਾ ਸੀ, ਪਰ ਉਹ ਫਟ ਗਿਆ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਮਰਨ ਵਾਲੇ ਦੀ ਪਛਾਣ ਜਗਰੂਪ ਸਿੰਘ ਵਜੋਂ ਹੋਈ ਹੈ, ਜੋ ਤਰਨਤਾਰਨ ਦੇ ਪਿੰਡ ਪੰਜਵੜ ਖੁਰਦ ਦਾ ਰਹਿਣ ਵਾਲਾ ਸੀ।

ਰੇਲਵੇ ਦੀ ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਦੁਵੇਦੀ ਨੇ ਦੱਸਿਆ ਕਿ ਬਲਾਸਟ ਤੋਂ ਬਾਅਦ ਇੱਥੋਂ ਇੱਕ ਮਾਲਗੱਡੀ ਗੁਜ਼ਰੀ। ਉਸਨੂੰ ਝਟਕਾ ਲੱਗਾ ਤਾਂ ਉਸ ਨੇ ਅੱਗੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਘਟਨਾ ਦਾ ਪਤਾ ਲੱਗਿਆ। ਉਨ੍ਹਾਂ ਨੇ ਦੱਸਿਆ ਕਿ ਧਮਾਕੇ ਵਿਚ ਮਰੇ ਵਿਅਕਤੀ ਦੀ ਬਾਈਕ ਅੰਮ੍ਰਿਤਸਰ ਤੋਂ ਬਰਾਮਦ ਹੋਈ ਹੈ। ਉਸ ਤੋਂ ਮੋਬਾਈਲ ਵੀ ਮਿਲਿਆ ਹੈ, ਜਿਸ ਦੇ ਜ਼ਰੀਏ ਉਸਦੇ ਸੰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੋ ਸਕਦਾ ਹੈ।